ਪਟਿਆਲਾ: 04 ਜਨਵਰੀ, 2016
ਮੁਲਤਾਨੀ ਮੱਲ ਮੋਦੀ ਕਾਲਜ ਵਿਚ “ਸਵੱਛ ਭਾਰਤ – ਸਵਸਥ ਭਾਰਤ“ ਥੀਮ ਉਂਪਰ ਆਯੋਜਿਤ ਕੀਤੇ ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਦੌਰਾਨ ਜਿਥੇ ਵਿਦਿਆਰਥੀਆਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਗਿਆ ਉਥੇ ਨਾਲ ਹੀ ਸਮਾਜ ਤੇ ਮਾਨਵਤਾ ਸਾਹਮਣੇ ਖੜ੍ਹੀਆਂ ਵੰਗਾਰਾਂ ਪ੍ਰਤੀ ਨੌਜਾਵਾਨਾਂ ਨੂੰ ਜਾਗਰੂਕ ਕਰਾਕੇ ਨਰੋਏ ਸਮਾਜ ਦੀ ਉਸਾਰੀ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕੈਂਪ ਦਾ ਉਦਘਾਟਨ ਕਰਦਿਆਂ ਕੌਮੀ ਸੇਵਾ ਯੋਜਨਾ ਦੇ ਕੈਂਪਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਚਰਿੱਤਰ ਨਿਰਮਾਣ ਕਰਨ ਵਿਚ ਅਜਿਹੇ ਕੈਂਪ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਅਿਦਾਰਥੀਆਂ ਅੰਦਰ ਸਮਾਜਕ ਤੇ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ।
ਇਸ ਕੈਂਪ ਦੌਰਾਨ ਟ੍ਰੈਫ਼ਿਕ ਸਿੱਖਿਆ ਸੈਂਲ, ਪੰਜਾਬ ਪੁਲਿਸ, ਪਟਿਆਲਾ ਵੱਲੋਂ ਸ. ਗੁਰਜਾਪ ਸਿੰਘ ਨੇ *ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਅਤੇ ਸੜਕ ਸੁਰੱਖਿਆ* ਵਿਸ਼ੇ ਉਪਰ ਮਲਟੀਮੀਡੀਆ ਰਾਹੀਂ ਬਹੁਤ ਹੀ ਰੌਚਕ ਪੇਸ਼ਕਾਰੀ ਕੀਤੀ। ਉਨ੍ਹਾਂ ਨੇ ਸੜਕ ਸੁਰੱਖਿਆ ਦੇ ਨਿਯਮਾਂ, ਟ੍ਰੈਫ਼ਿਕ ਨਾਲ ਸੰਬੰਧਿਤ ਚਿੰਨ੍ਹਾਂ ਅਤੇ ਸੜਕਾਂ ਉਪਰ ਚਲਦੇ ਸਮੇਂ ਧਿਆਨ ਰੱਖਣ ਯੋਗ ਸਾਵਧਾਨੀਆਂ ਬਾਰੇ ਬਹੁਤ ਹੀ ਖੂਬਸੂਰਤ ਕਾਵਿਕ ਅੰਦਾਜ਼ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਸੀਟ ਬੈਲਟ ਨਾ ਲਾਉਣ, ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਤੇ ਟ੍ਰੈਫ਼ਿਕ ਨਿਯਮਾਂ ਦੀਆਂ ਹੋਰ ਉਲੰਘਣਾਵਾਂ ਬਾਰੇ ਦੇਸ਼ ਦੀਆਂ ਉਚੇਰੀਆਂ ਅਦਾਲਤਾਂ ਦੇ ਫੈਸਲਿਆਂ ਤੋਂ ਵੀ ਜਾਣੂੰ ਕਰਵਾਇਆ। ਇਸ ਪੇਸ਼ਕਾਰੀ ਦੌਰਾਨ ਕੈਂਪ ਦੇ ਵਲੰਟੀਅਰ ਲੜਕੇ ਲੜਕੀਆਂ ਵੱਲੋਂ ਸੜਕਾਂ ਤੇ ਚਲਦਿਆਂ ਹਰ ਰੋਜ਼ ਦੀਆਂ ਸਮੱਸਿਆਵਾਂ ਬਾਰੇ ਬਹੁਤ ਹੀ ਗੰਭੀਰ ਸਵਾਲ ਪੁੱਛੇ ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਵਕਤਾ ਵੱਲੋਂ ਦਿੱਤੇ ਗਏ। ਇਸ ਮੌਕੇ ਸ. ਗੁਰਮੁਖ ਸਿੰਘ, ਏ.ਐਸ.ਆਈ. ਨੇ ਵੀ ਆਪਣੇ ਵਿਚਾਰ ਰੱਖੇ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਸਰਕਾਰੀ ਰਜਿੰਦਰਾ ਮੈਡੀਕਲ ਕਾਲਜ, ਪਟਿਆਲਾ ਦੇ ਬਲੱਡ ਬੈਂਕ ਤੋਂ ਆਏ ਸ. ਸੁਖਵਿੰਦਰ ਸਿੰਘ ਨੇ “ਖੂਨਦਾਨ ਕਰੋ“ ਵਿਸ਼ੇ ਤੇ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੰਦਿਆਂ ਕਿਹਾ ਕਿ ਖੂਨਦਾਨ ਇਕ ਸਮਾਜਕ ਜ਼ਿੰਮੇਵਾਰੀ ਦੇ ਨਾਲ-ਨਾਲ ਮਹਾਨ ਮਾਨਵਤਾਵਾਦੀ ਕਾਰਜ ਵੀ ਹੈ। ਦੁਰਘਟਨਾਵਾਂ ਦੇ ਸ਼ਿਕਾਰ ਲੋਕਾਂ ਦੇ ਇਲਾਜ ਲਈ, ਦਿਲ ਅਤੇ ਦੂਜੇ ਅਪਰੇਸ਼ਨਾਂ ਦੌਰਾਨ, ਜਣੇਪੇ ਦੌਰਾਨ, ਅੱਗ ਦੇ ਝੁਲਸੇ ਮਰੀਜ਼ਾਂ ਦੇ ਇਲਾਜ ਸਮੇਂ, ਕੈਂਸਰ, ਡੇਂਗੂ, ਥੈਲੇਸੀਮੀਆਂ ਅਤੇ ਅਨੀਮੀਆ ਦੇ ਸ਼ਿਕਾਰ ਮਰੀਜ਼ਾਂ ਦੇ ਇਲਾਜ ਲਈ ਖੂਨ ਦੀ ਸਖ਼ਤ ਜ਼ਰੂਰਤ ਪੈਂਦੀ ਹੈ ਜੋ ਲੋਕਾਂ ਵੱਲੋਂ ਖੂਨਦਾਨ ਰਾਹੀਂ ਹੀ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਸਾਲ ਵਿੱਚ 4 ਵਾਰ ਖੂਨਦਾਨ ਕਰ ਸਕਦਾ ਹੈ, ਜਿਸ ਦਾ ਉਸਦੀ ਸਿਹਤ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।
ਦੇਸ਼ ਭਰ ਵਿਚ ਚਲ ਰਹੀ *ਸਵੱਛ ਭਾਰਤ* ਮੁਹਿੰਮ ਤਹਿਤ ਕੈਂਪ ਦੇ ਵਲੰਟੀਅਰਾਂ ਨੇ ਕਾਲਜ ਕੈਂਪਸ ਦੀ ਸਾਫ਼-ਸਫ਼ਾਈ ਕੀਤੀ। ਪ੍ਰਸਿੱਧ ਸਮਾਜ ਸੇਵਕ ਸ੍ਰੀ ਕਾਕਾ ਰਾਮ ਵਰਮਾ ਨੇ *ਸੰਕਟਕਾਲੀਨ ਸਥਿਤੀਆਂ ਵਿਚ ਫਸਟ ਏਡ ਦਾ ਮਹੱਤਵ* ਵਿਸੇy ਤੇ ਭਾਸ਼ਣ ਦਿੱਤਾ ਤੇ ਵਲੰਟੀਅਰਾਂ ਨੂੰ ਮਿਰਗੀ ਦਾ ਦੌਰਾ ਪੈਣ ਸਮੇਂ, ਦਿਲ ਦਾ ਦੌਰਾ ਪੈਣ ਉਪਰੰਤ ਤੇ ਸੜਕ ਹਾਦਸਿਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਦੀ ਜਾਨ ਬਚਾਉਣ ਲਈ ਮੁੱਢਲੀ ਸਹਾਇਤਾ ਦੇਣ ਦੇ ਬਹੁਤ ਹੀ ਅਹਿਮ ਗੁਰ ਸਮਝਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਗਰੀਬ ਲੋਕਾਂ ਲਈ ਮੁਫ਼ਤ ਮਿਲਣ ਵਾਲੀਆਂ ਕਾਨੂੰਨੀ ਸੇਵਾਵਾਂ ਬਾਰੇ ਵੀ ਬਹੁਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵੇਂ ਬਣੇ ਕਾਨੂੰਨ ਅਨੁਸਾਰ ਜੇਕਰ ਬਜ਼ੁਰਗ ਮਾਪਿਆਂ ਦੀ ਉਨ੍ਹਾਂ ਦੇ ਬੱਚੇ ਦੇਖ-ਭਾਲ ਨਹੀਂ ਕਰਦੇ ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਵੱਲੋਂ ਦਿੱਤੀ ਜਾਇਦਾਦ ਵਾਪਸ ਲੈਣ ਦੇ ਹੱਕਦਾਰ ਹਨ। ਇਸ ਮਕਸਦ ਲਈ ਉਨ੍ਹਾਂ ਨੂੰ ਇਲਾਕੇ ਦੇ ਐਸ.ਡੀ.ਐਮ. ਕੋਲ ਸਿਰਫ਼ ਇੱਕ ਅਰਜ਼ੀ ਹੀ ਦੇਣੀ ਪਵੇਗੀ।
ਪ੍ਰੋ. ਗਣੇਸ਼ ਕੁਮਾਰ ਸੇਠੀ ਨੇ “ਵਕਤ ਪ੍ਰਬੰਧਨ“ ਵਿਸ਼ੇ ਉਪਰ ਬਹੁਤ ਹੀ ਭਾਵਪੂਰਤ ਪੇਸ਼ਕਾਰੀ ਦਿੱਤੀ ਅਤੇ ਵਲੰਟੀਅਰਾਂ ਨਾਲ ਸੰਵਾਦ ਰਚਾਇਆ। ਸਮਾਜਿਕ ਅਤੇ ਪਰਿਵਾਰਕ ਜੀਵਨ ਵਿਚੋਂ ਉਦਾਹਰਣਾਂ ਦੇ ਕੇ ਉਨ੍ਹਾਂ ਨੇ ਆਪਣੇ ਵਿਸ਼ੇ ਨੂੰ ਰੌਚਕ ਬਣਾਈ ਰੱਖਿਆ।
ਲੈਫ਼ਟੀਨੈਂਟ ਕਰਨਲ (ਸੇਵਾ ਮੁਕਤ) ਬਿਸ਼ਨ ਦਾਸ ਨੇ *ਵਾਤਾਵਰਨ ਅਤੇ ਮਨੁੱਖੀ ਜੀਵਨ* ਵਿਸ਼ੇ ਤੇ ਬੋਲਦਿਆਂ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਾਣੀ, ਮਿੱਟੀ ਤੇ ਹਵਾ ਦੇ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ“ ਤੋਂ ਵੀ ਜਾਣੂੰ ਕਰਵਾਇਆ। ਕਾਲਜ ਦੇ ਵਿਦਿਆਰਥੀ ਮਨੀਸ਼ ਸਿੰਘ ਨੇ “ਨਸ਼ਿਆਂ ਤੋਂ ਕਿਵੇਂ ਬਚੀਏ“ ਵਿਸ਼ੇ ਉਪਰ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ।
ਪ੍ਰੋ. ਹਰਮੋਹਨ ਸ਼ਰਮਾ, ਪ੍ਰੋਗਰਾਮ ਅਫ਼ਸਰ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿਚ ਕਾਲਜ ਦੇ ਅਧਿਆਪਕਾਂ ਪ੍ਰੋ. ਗਣੇਸ਼ ਸੇਠੀ ਤੇ ਪ੍ਰੋ. ਪਰਨਦੀਪ ਸਿੰਘ ਨੇ ਬਹੁਤ ਸਰਗਰਮੀ ਨਾਲ ਹਿੱਸਾ ਲਿਆ। ਕਾਲਜ ਦੇ ਰਜਿਸਟਰਾਰ ਡਾ. ਹਰਚਰਨ ਸਿੰਘ ਨੇ ਵਿਦਵਾਨ ਵਕਤਾਵਾਂ ਲਈ ਧੰਨਵਾਦ ਦੇ ਸ਼ਬਦ ਕਹੇ।
ਪ੍ਰਿੰਸੀਪਲ